ਮਾਲੇਰਕੋਟਲਾ (ਸ਼ਹਿਬਾਜ਼ ਚੌਧਰੀ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਹੈ ਕਿ ਦੋ ਦਿਨ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਹਿਬਾ (ਗਿਫ਼ਟ) ਬਾਰੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਮੁਹੰਮਦੀ ਕਾਨੂੰਨ ਮੁਤਾਬਕ ਗ਼ੈਰ-ਲਿਖਤੀ ਹਿਬਾ ਵੀ ਜਾਇਜ਼ ਅਤੇ ਸਵੀਕਾਰ ਕਰਨਯੋਗ ਹੈ। ਅਰਥਾਤ ਜ਼ੁਬਾਨੀ ਹਿਬਾ ਵੀ ਜਾਇਜ਼ ਮੰਨਿਆ ਗਿਆ ਹੈ। ਇਸ ਲਈ ਹੁਣ ਮਾਲੇਰਕੋਟਲਾ ਪ੍ਰਸ਼ਾਸਨ ਨੂੰ ਉਹ ਸਾਰੇ ਹਿਬਾਨਾਮਾ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਇੱਕ ਸਾਜ਼ਿਸ਼ ਤਹਿਤ ਰੋਕਿਆ ਹੋਇਆ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਸਲਮਾਨਾਂ ਦਾ ਇਹ ਅਧਿਕਾਰ ਖੋਹ ਲਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿਬਾਨਾਮਿਆਂ ਨੂੰ ਰਿਕਾਰਡ ਵਿੱਚ ਦਰਜ ਨਾ ਕਰਕੇ ਤਬਦੀਲ ਮਲਕੀਅਤ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਹੀ ਸਬਕ ਲੈਣਾ ਚਾਹੀਦਾ ਹੈ ਅਤੇ ਬਿਨਾਂ ਦੇਰ ਕੀਤਿਆਂ ਸਾਰੇ ਹਿਬਾਨਾਮਿਆਂ ਦਾ ਇੰਤਕਾਲ ਦਰਜ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਮੁਸਲਮਾਨਾਂ ਨੂੰ ਹਿਬਾਨਾਮਾ ਦੀ ਸਹੂਲਤ ਦਿੱਤੀ ਸੀ ਪਰ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਿਬਾਨਾਮਾ ਨੂੰ ਮਾਲ ਵਿਭਾਗ ਵਿੱਚ ਦਰਜ ਕਰਨ ਤੋਂ ਬੰਦ ਕਰ ਦਿੱਤਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਇੱਥੋਂ ਥੋੜ੍ਹੀ ਦੂਰ ਸਥਿਤ ਪਿੰਡ ਕੁਠਾਲਾ ਵਿਖੇ ਇੱਕ ਭੋਗ ਅਤੇ ਅੰਤਿਮ ਅਰਦਾਸ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਖ਼ੁਸ਼ ਕਰਨ ਲੱਗੀ ਹੋਈ ਹੈ। ਰਾਜ ਸਭਾ ਵਿੱਚ ਇੱਕ ਦੋ ਨੂੰ ਛੱਡ ਕੇ ਸਾਰੇ ਹੀ ਵੱਡੇ ਉਦਯੋਗਪਤੀਆਂ ਨੂੰ ਭੇਜਿਆ ਗਿਆ ਹੈ। ਆਮ ਆਦਮੀ ਪਾਰਟੀ ਦਲਿਤ ਅਤੇ ਮੁਸਲਿਮ ਵਿਰੋਧੀ ਹੈ, ਇਸ ਪਾਰਟੀ ਨੇ ਪੰਜਾਬ ਦੇ ਕੋਟੇ ਵਿੱਚੋਂ ਇੱਕ ਵੀ ਦਲਿਤ ਨੇਤਾ ਨੂੰ ਰਾਜ ਸਭਾ ਮੈਂਬਰ ਨਹੀਂ ਬਣਾਇਆ ਜਦਕਿ ਇਹ ਪਾਰਟੀ ਦਲਿਤਾਂ ਨਾਲ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਇਸ ਸਰਕਾਰ ਦੇ ਰਾਜ ਅੰਦਰ ਕਾਨੂੰਨ ਵਿਵਸਥਾ ਦਮ ਤੋੜ ਚੁੱਕੀ ਹੈ। ਰੋਜ਼ਾਨਾ ਕਤਲ ਹੋ ਰਹੇ ਹਨ। ਮੁੱਖ ਮੰਤਰੀ ਤੋਂ ਲੈ ਕੇ ਹੇਠਾਂ ਤਕ ਸਾਰੇ ਨੇਤਾਵਾਂ ਦਾ ਧਿਆਨ ਪੰਜਾਬ ਨੂੰ ਲੁੱਟਣ ਉੱਤੇ ਲੱਗਾ ਹੋਇਆ ਹੈ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਲੋਕ ਸਮਝ ਚੁੱਕੇ ਹਨ ਅਤੇ ਹੁਣ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਤਿਆਰ ਬੈਠੇ ਹਨ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਗੁਰਮੇਲ ਸਿੰਘ ਕੁਠਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ, ਜੱਥੇਦਾਰ ਬਲਵੀਰ ਸਿੰਘ ਕੁਠਾਲਾ ਅਕਾਲੀ ਆਗੂ, ਤਲਵੀਰ ਸਿੰਘ ਕਾਲਾ ਢਿੱਲੋਂ ਕੁਠਾਲਾ, ਨੰਬਰਦਾਰ ਕੁਲਦੀਪ ਸਿੰਘ, ਜਥੇਦਾਰ ਬਹਾਦਰ ਸਿੰਘ ਚਹਿਲ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਚਹਿਲ, ਜਥੇਦਾਰ ਚਰਨ ਸਿੰਘ ਚਹਿਲ, ਜਥੇਦਾਰ ਹਰਬੰਸ ਸਿੰਘ ਪੰਨੂ, ਬਾਬਾ ਜਗਦੀਪ ਸਿੰਘ ਚਹਿਲ, ਜਸਪਾਲ ਸਿੰਘ ਚਹਿਲ, ਭਗਵੰਤ ਸਿੰਘ ਫ਼ੌਜੀ, ਜਥੇਦਾਰ ਗੁਰਨਾਮ ਸਿੰਘ ਪੰਨੂ, ਮੇਜਰ ਸਿੰਘ ਚਹਿਲ, ਹਰਵਿੰਦਰ ਸਿੰਘ ਚਹਿਲ, ਕੁਲਵੰਤ ਸਿੰਘ ਚਹਿਲ, ਰੁਪਿੰਦਰ ਸਿੰਘ ਚਹਿਲ, ਕੋਮਲ ਸਿੰਘ ਚਹਿਲ, ਸੀਰਾ ਚਹਿਲ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਅਕਬਰੀ ਬੇਗਮ ਅਤੇ ਹੋਰ ਆਗੂ ਵੀ ਹਾਜ਼ਰ ਸਨ।
Leave a Reply